ਪੰਜਾਬ
ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਕੋਈ ਤਬਦੀਲੀ ਨਹੀਂ
ਹਾਈ ਕਮਾਨ ਨੇ ਆਗੂਆਂ ਨੂੰ ਧਡ਼ੇਬੰਦੀ ਛੱਡਣ ਲਈ ਕਿਹਾ
ਚੰਡੀਗਡ਼੍ਹ
ਕਾਂਗਰਸ ਹਾਈ ਕਮਾਨ ਨੇ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤਬਦੀਲ ਹੋਣ ਦੀਆਂ ਸੰਭਾਵਨਾਵਾਂ ਨੂੰ ਵਿਰਾਮ ਦਿੰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਾਈ ਕਮਾਨ ਦੇ ਫ਼ੈਸਲੇ ਨੇ ਫਿਲਹਾਲ ਰਾਹਤ ਦਿੱਤੀ ਹੈ।
ਹਾਈ ਕਮਾਨ ਨੇ ਪੰਬਾਬ ਲੀਡਰਸ਼ਿਪ ਨੂੰ ਸਖ਼ਤ ਸ਼ਬਦਾਂ ਵਿੱਚ ਇਹ ਸੁਨੇਹਾ ਵੀ ਦਿੱਤਾ ਹੈ ਕਿ ਸੂਬਾਈ ਕਾਂਗਰਸ ’ਚ ਕਿਸੇ ਤਰ੍ਹਾਂ ਦੀ ਧੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦਿੱਲੀ ਵਿੱਚ ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ’ਚ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਰਾਜਸੀ ਮੰਥਨ ਕਰਨ ਮਗਰੋਂ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਪੰਜਾਬ ’ਚ ਲੀਡਰਸ਼ਿਪ ਤਬਦੀਲੀ ਦਾ ਕੋਈ ਸਵਾਲ ਹੀ ਨਹੀਂ ਹੈ ਅਤੇ ਕਾਂਗਰਸ ਇੱਕਜੁੱਟਤਾ ਨਾਲ ਆਗਾਮੀ ਪੰਜਾਬ ਚੋਣਾਂ ’ਚ ਜਿੱਤ ਹਾਸਲ ਕਰੇਗੀ।
ਸ੍ਰੀ ਵੇਣੂਗੋਪਾਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਮੀਡੀਆ ’ਚ ਕੋਈ ਆਗੂ ਇੱਕ-ਦੂਸਰੇ ਖ਼ਿਲਾਫ਼ ਜਨਤਕ ਬਿਆਨਬਾਜ਼ੀ ਨਹੀਂ ਕਰੇਗਾ। ਹਰੇਕ ਆਗੂ ਨੂੰ ਪਾਰਟੀ ਪਲੈਟਫਾਰਮ ’ਤੇ ਗੱਲ ਰੱਖਣ ਦੀ ਨਸੀਹਤ ਕੀਤੀ ਗਈ ਹੈ। ਪਾਰਟੀ ਹਾਈ ਕਮਾਨ ਧੜਿਆਂ ’ਚ ਮਿਲਣ ਜਾਂ ਚਿੱਠੀਆਂ ਲਿਖਣ ਨੂੰ ਬਰਦਾਸ਼ਤ ਨਹੀਂ ਕਰੇਗੀ। ਵਿਅਕਤੀਗਤ ਤੌਰ ’ਤੇ ਕੋਈ ਵੀ ਨੇਤਾ ਹਾਈ ਕਮਾਨ ਨੂੰ ਮਿਲ ਸਕਦਾ ਹੈ। ਪਾਰਟੀ ਦੇਸ਼ ਭਰ ’ਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਆਮ ਵਰਗ ਦੇ ਆਰਥਿਕ ਕਮਜ਼ੋਰ ਵਰਗਾਂ ਸਣੇ ਹਾਸ਼ੀਆਗ੍ਰਸਤ ਵਰਗਾਂ ਨੂੰ ਯੋਗ ਪ੍ਰਤੀਨਿਧਤਾ ਦੇਣ ਲਈ ਵਚਨਬੱਧ ਹੈ। ਮੀਟਿੰਗ ’ਚ ਪੰਜਾਬ ਕਾਂਗਰਸ ਦੇ ਹਰੇਕ ਲੀਡਰ ਨੂੰ ਗਹੁ ਨਾਲ ਸੁਣਿਆ ਗਿਆ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਦੀ ਦਿੱਲੀ ਸਥਿਤ ਰਿਹਾਇਸ਼ ਵਿਖੇ ਹੋਈ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਨਾਲ ਪਾਰਟੀ ਦੇ ਕੌਮੀ ਪ੍ਰਧਾਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਸ਼ਾਮਲ ਹੋਏ। ਮੀਟਿੰਗ ਮਗਰੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਪਾਰਟੀ ਕਿਸੇ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰੇਗੀ। ਉੱਧਰ, ਪੰਜਾਬ ਦੇ ਕਿਸੇ ਵੀ ਨੇਤਾ ਨੇ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ। ਮੀਟਿੰਗ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਆਗੂ ਅੰਬਿਕਾ ਸੋਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਜੈ ਇੰਦਰ ਸਿੰਗਲਾ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਸੰਸਦ ਮੈਂਬਰ ਡਾ. ਅਮਰ ਸਿੰਘ ਆਦਿ ਵੀ ਸ਼ਾਮਲ ਹੋਏ।
ਵੜਿੰਗ ਤੇ ਚੰਨੀ ਨੂੰ ਤਾੜਨਾ
ਕਾਂਗਰਸ ਹਾਈ ਕਮਾਨ ਨੇ ਕਰੀਬ 15 ਮਿੰਟ ਸਮੂਹਿਕ ਮੀਟਿੰਗ ਕੀਤੀ ਅਤੇ ਉਸ ਮਗਰੋਂ ਕੌਮੀ ਲੀਡਰਸ਼ਿਪ ਨੇ ਪੰਜਾਬ ਦੇ ਇਕੱਲੇ-ਇਕੱਲੇ ਨੇਤਾ ਨਾਲ ਵੱਖੋ-ਵੱਖਰੀ ਮੀਟਿੰਗ ਕੀਤੀ। ਸਭ ਨੇਤਾਵਾਂ ਨੇ ਇੱਕ-ਦੂਸਰੇ ਪ੍ਰਤੀ ਆਪਣੇ ਸ਼ਿਕਵੇ ਰੱਖੇ। ਪਤਾ ਲੱਗਿਆ ਹੈ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਸਖ਼ਤ ਲਹਿਜੇ ’ਚ ਵਰਜਿਆ ਗਿਆ ਹੈ ਕਿਉਂਕਿ ਇਨ੍ਹਾਂ ਦੋਵੇਂ ਆਗੂਆਂ ਨੇ ਦਲਿਤ ਮੁੱਦੇ ’ਤੇ ਜਨਤਕ ਬਿਆਨਬਾਜ਼ੀ ਕੀਤੀ ਸੀ। ਹਰੇਕ ਨੇਤਾ ਨੇ ਆਪਣਾ ਸਿਆਸੀ ਰੋਣਾ ਰੋਇਆ ਅਤੇ ਇੱਕ-ਦੂਸਰੇ ਨੂੰ ਭੰਡਣ ਦਾ ਕੋਈ ਮੌਕਾ ਨਹੀਂ ਗੁਆਇਆ। ਸੂਤਰਾਂ ਅਨੁਸਾਰ ਇਹ ਦੋਵੇਂ ਆਗੂ ਮੀਟਿੰਗ ’ਚ ਆਪਣੇ ਨਾਲ ਇੱਕ-ਦੂਸਰੇ ਖ਼ਿਲਾਫ਼ ਸਬੂਤ ਵੀ ਲੈ ਕੇ ਗਏ ਸਨ।